ਡਾਕਟਰਾਂ ਨੇ ਦਿੱਤੀ ਸਾਵਧਾਨ ਰਹਿਣ ਦੀ ਸਲਾਹ
ਨਵੀਂ ਦਿੱਲੀ : ਦੇਸ਼ ਦੇ ਕਈ ਹਿੱਸਿਆਂ ਵਿੱਚ ਭਿਆਨਕ ਗਰਮੀ ਅਤੇ ਲੂ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਡਾਕਟਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਲੰਬੇ ਸਮੇਂ ਤੱਕ ਤੇਜ਼ ਧੁੱਪ ਅਤੇ ਉੱਚ ਤਾਪਮਾਨ ਦੇ ਸੰਪਰਕ ਵਿੱਚ ਰਹਿਣ ਨਾਲ ਨਾ ਸਿਰਫ਼ ਸਰੀਰਕ ਸਿਹਤ ਪ੍ਰਭਾਵਿਤ ਹੁੰਦੀ ਹੈ, ਬਲਕਿ ਇਹ ਅੱਖਾਂ ਅਤੇ ਦਿਮਾਗ ਦੀ ਕਾਰਜਪ੍ਰਣਾਲੀ 'ਤੇ ਵੀ ਬੁਰਾ ਅਸਰ ਪਾ ਸਕਦਾ ਹੈ। ਖਾਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਪਹਿਲਾਂ ਤੋਂ ਬਿਮਾਰ ਲੋਕਾਂ ਲਈ ਇਹ ਬੇਹੱਦ ਖ਼ਤਰਨਾਕ ਹੈ। ਦਿੱਲੀ-ਐਨ.ਸੀ.ਆਰ. ਦੇ ਹਸਪਤਾਲਾਂ ਵਿੱਚ ਅੱਖਾਂ ਦੀ ਜਲਣ, ਡੀਹਾਈਡ੍ਰੇਸ਼ਨ ਕਾਰਨ ਸਿਰਦਰਦ ਅਤੇ ਦਿਮਾਗੀ ਪਰੇਸ਼ਾਨੀਆਂ ਵਾਲੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ।
ਇੰਦਰਪ੍ਰਸਥ ਅਪੋਲੋ ਹਸਪਤਾਲ, ਦਿੱਲੀ ਦੇ ਸੀਨੀਅਰ ਕੰਸਲਟੈਂਟ (ਨਿਊਰੋਲੋਜੀ) ਡਾ. ਵਿਨੀਤ ਸੂਰੀ ਨੇ ਦੱਸਿਆ, ‘‘ਚੱਲ ਰਹੀ ਲੂ ਦਾ ਅਸਰ ਆਮ ਬਿਮਾਰੀਆਂ ਤੋਂ ਕਿਤੇ ਵੱਧ ਦੇਖਣ ਨੂੰ ਮਿਲ ਰਿਹਾ ਹੈ। ਸਾਡੀ OPD ਵਿੱਚ ਦਿਮਾਗੀ ਸ਼ਿਕਾਇਤਾਂ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਭਗ 20 ਫੀਸਦੀ ਵਾਧਾ ਹੋਇਆ ਹੈ, ਜਿਸ ਵਿੱਚ ਲੋਕ ਗੰਭੀਰ ਸਿਰਦਰਦ, ਚੱਕਰ ਆਉਣੇ, ਬੇਹੋਸ਼ੀ ਅਤੇ ਮਾਈਗ੍ਰੇਨ ਦੇ ਵਧਣ ਵਰਗੇ ਲੱਛਣਾਂ ਨਾਲ ਆ ਰਹੇ ਹਨ।’’ ਉਨ੍ਹਾਂ ਅੱਗੇ ਕਿਹਾ ਕਿ ਤੇਜ਼ ਧੁੱਪ ਮਾਈਗ੍ਰੇਨ ਨੂੰ ਵਧਾ ਸਕਦੀ ਹੈ ਅਤੇ ਡੀਹਾਈਡ੍ਰੇਸ਼ਨ ਕਾਰਨ ਦਿਮਾਗ ਵੱਲ ਖੂਨ ਦਾ ਪ੍ਰਵਾਹ ਪ੍ਰਭਾਵਿਤ ਹੁੰਦਾ ਹੈ।
ਦੂਜੇ ਪਾਸੇ, ਗਰਮੀ ਕਾਰਨ ਅੱਖਾਂ ਦੀਆਂ ਸਮੱਸਿਆਵਾਂ ਵੀ ਤੇਜ਼ੀ ਨਾਲ ਵਧ ਰਹੀਆਂ ਹਨ। ਵੀਆਨ ਆਈ ਐਂਡ ਰੈਟਿਨਾ ਸੈਂਟਰ ਦੇ ਡਾਇਰੈਕਟਰ ਡਾ. ਨੀਰਜ ਸੰਦੂਜਾ ਅਨੁਸਾਰ, ‘‘ਤੇਜ਼ ਧੁੱਪ, ਗਰਮ ਹਵਾਵਾਂ ਅਤੇ ਧੂੜ ਕਾਰਨ ਅੱਖਾਂ ਵਿੱਚ ਖੁਸ਼ਕੀ, ਜਲਣ, ਲਾਲੀਪਨ ਅਤੇ ਖਾਰਸ਼ ਦੀ ਸਮੱਸਿਆ ਆ ਰਹੀ ਹੈ। ਅਸੀਂ ਅੱਜ-ਕੱਲ੍ਹ ‘ਡਰਾਈ ਆਈ ਸਿੰਡਰੋਮ’ ਅਤੇ ਐਲਰਜੀ ਦੇ ਕਈ ਮਾਮਲੇ ਦੇਖ ਰਹੇ ਹਾਂ।’’
ਡਾਕਟਰਾਂ ਨੇ ਸਲਾਹ ਦਿੱਤੀ ਹੈ ਕਿ ਦੁਪਹਿਰ ਦੇ ਸਮੇਂ ਬਾਹਰ ਜਾਣ ਤੋਂ ਬਚਿਆ ਜਾਵੇ। ਜੇਕਰ ਬਾਹਰ ਜਾਣਾ ਜ਼ਰੂਰੀ ਹੋਵੇ, ਤਾਂ ਸਿਰ ਨੂੰ ਢੱਕ ਕੇ ਰੱਖੋ, ਧੁੱਪ ਦੀਆਂ ਐਨਕਾਂ ਅਤੇ ਛਤਰੀ ਦੀ ਵਰਤੋਂ ਕਰੋ। ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਣ ਦਿਓ ਅਤੇ ਨਾਰੀਅਲ ਪਾਣੀ, ਲੱਸੀ ਤੇ ਤਾਜ਼ੇ ਫਲਾਂ ਦੇ ਰਸ ਵਰਗੇ ਕੁਦਰਤੀ ਪੀਣ ਵਾਲੇ ਪਦਾਰਥਾਂ ਦੀ ਵਰਤੋਂ ਕਰੋ।
