ਮੱਕੀ ਦਾ ਆਚਾਰ ਡੇਅਰੀ ਫਾਰਮ ਲਈ ਬਹੁਤ ਜ਼ਰੂਰੀ ਹੈ। ਹਰੇ ਚਾਰੇ ਅਤੇ ਆਚਾਰ ਨਾਲ ਪਸ਼ੂ ਤੰਦਰੁਸਤ ਰਹਿੰਦੇ ਹਨ ਤੇ ਗੱਭਣ ਵੀ ਛੇਤੀ ਹੁੰਦੇ ਹਨ
ਪੰਜਾਬ ਸਰਕਾਰ ਅਤੇ ਪੰਜਾਬ ਦੇ ਡੇਅਰੀ, ਪਸੂ ਪਾਲਕ ਵਿਭਾਗ ਵਲੋਂ ਕਿਸਾਨਾਂ ਨੂੰ ਖੇਤੀ ਦੇ ਨਾਲ ਪਸ਼ੂ ਪਾਲਣ ਦਾ ਧੰਦਾ ਕਰਨ ਲਈ ਉਤਸਾਹਤ ਕੀਤਾ ਜਾ ਰਿਹਾ ਹੈ। ਪਰ ਕਈ ਤਰ੍ਹਾਂ ਦੀਆਂ ਸਮੱਸਿਆਵਾ ਕਾਰਨ ਪੰਜਾਬ ਵਿਚੋਂ ਪਸੂ ਪਾਲਣ ਦਾ ਕਾਰੋਬਾਰ ਹਰ ਦਿਨ ਘਟਦਾ ਜਾ ਰਿਹਾ ਹੈ ਖਾਸ ਕਰ ਕੇ ਘਰੇਲੂ ਪੱਧਰ ’ਤੇ ਦੁੱਧ ਲਈ ਇਕ ਦੋ ਪਸ਼ੂ ਰੱਖਣ ਵਾਲਾ ਸੱਭਿਆਚਾਰ ਆਲੋਪ ਹੋ ਚੁੱਕਿਆ ਹੈ। ਜਿਸ ਦਾ ਕਾਰਨ ਪਸ਼ੂਆਂ ਦੀਆਂ ਕੀਮਤਾਂ ’ਚ ਵਾਧਾ ਹੋਣ ਅਤੇ ਖੇਤਾਂ ਵਿਚੋਂ ਸੀਰ ਸਾਂਝ ਆਦਿ ਖ਼ਤਮ ਹੋਣਾ ਵੀ ਹੈ। ਹੁਣ ਪਸ਼ੂ ਪਾਲਣ ਦਾ ਕਾਰੋਬਾਰ ਨਕਲੀ ਦੁੱਧ ਕਾਰਨ ਘਾਟੇ ਵਾਲਾ ਸੌਦਾ ਬਣ ਚੁੱਕਿਆ ਹੈ। ਫਿਰ ਵੀ ਕਿਸਾਨ ਅਪਣੀ ਮਿਹਨਤ ਸਦਕਾ ਪੰਜਾਬ ’ਚ ਦੁੱਧ ਦੀ ਪੈਦਾਵਾਰ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਜ਼ਿਲ੍ਹੇ ਪਟਿਆਲੇ ਦੀ ਤਹਿਸੀਲ ਪਾਤੜਾਂ ਨੇੜੇ ਪੈਂਦੇ ਪਿੰਡ ਚੁਨਾਗਰਾ ਵਿਖੇ ਕਿਸਾਨ ਦਲਜਿੰਦਰ ਸਿੰਘ ਵਲੋਂ ਗਾਵਾਂ ਦਾ ਫਾਰਮ ਚਲਾਇਆ ਜਾ ਰਿਹਾ ਹੈ। ਉਸ ਦੇ ਫ਼ਾਰਮ ’ਚ 60 ਦੇ ਕਰੀਬ ਗਾਵਾਂ ਹਨ ਅਤੇ ਗਾਵਾਂ ਦਾ ਦੁੱਧ ਵੇਰਕਾ ਵਲੋਂ ਚੁੱਕਿਆ ਜਾ ਰਿਹਾ ਹੈ। ਦਲਜਿੰਦਰ ਸਿੰਘ ਨੇ ਦੱਸਿਆ ਕਿ 5 ਸਾਲ ਪਹਿਲਾਂ 14 ਗਾਵਾਂ ਨਾਲ ਫਾਰਮ ਦੀ ਸ਼ੁਰੂਆਤ ਕੀਤੀ ਸੀ। ਹੁਣ ਫਾਰਮ ਵਧੀਆ ਚੱਲ ਰਿਹਾ ਹੈ। ਪਰ ਸਰਕਾਰ ਵਲੋਂ ਫੀਡ ਜਾਂ ਹੋਰ ਸਾਧਨਾਂ ’ਤੇ ਸਬਸਿਡੀ ਬਗੈਰਾ ਦੀ ਕੋਈ ਮੱਦਦ ਨਹੀਂ ਕੀਤੀ ਜਾਂਦੀ। ਕਿਉਂਕਿ ਡੇਅਰੀ ਫਾਰਮ ਦਾ ਧੰਦਾ ਹੁਣ ਹਜ਼ਾਰਾਂ ਰੁਪਏ ’ਚ ਨਹੀਂ ਸਗੋਂ ਲੱਖਾਂ ਰੁਪਏ ਦੀ ਲਾਗਤ ਵਾਲਾ ਹੋ ਚੁੱਕਿਆ ਹੈ। 40 ਲਿਟਰ ਦੁੱਧ ਦੇਣ ਵਾਲੀ ਗਾਂ ਦੋ ਤੋਂ ਢਾਈ ਲੱਖ ਰੁਪਏ ਦੀ ਹੋ ਚੁੱਕੀ ਹੈ। ਸਾਂਭ ਸੰਭਾਲ ਦਾ ਖ਼ਰਚਾ ਵੀ ਹਜ਼ਾਰਾਂ ਰੁਪਏ ’ਚ ਆਉਂਦਾ ਹੈ। ਗਾਵਾਂ ਨੂੰ ਗਰਮੀਆਂ ਤੋਂ ਬਚਾਉਣ ਲਈ ਫਾਰਮ ’ਚ ਪੱਖੇ ਲਾਉਣੇ ਪੈਂਦੇ ਹਨ ਤੇ ਉਪਰੋਂ ਬਜ਼ਾਰੂ ਫ਼ੀਡ ਵੀ ਮਹਿੰਗੀ ਮਿਲਦੀ ਹੈ। ਸਰਕਾਰੀ ਕੰਪਨੀਆਂ ਦੀ ਫੀਡ ਮਿਆਰ ਪੱਖੋਂ ਬਹੁਤੀ ਵਧੀਆ ਨਹੀਂ ਹੁੰਦੀ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਡੇਅਰੀ ਫਾਰਮਰਾਂ ਨੂੰ ਵਧੀਆ ਮਿਆਰ ਵਾਲੀ ਸਸਤੀ ਫੀਡ ਸਪਲਾਈ ਕੀਤੀ ਜਾਵੇ।
ਦੂਸਰੇ ਪਾਸੇ ਤਿਆਰ ਕੀਤੇ ਜਾ ਰਹੇ ਨਕਲੀ ਦੁੱਧ ਨੇ ਡੇਅਰੀ ਦੇ ਧੰਦੇ ਨੂੰ ਵੱਡੀ ਮਾਰ ਪਾਈ ਹੈ। ਚੰਡੀਗੜ੍ਹ ਤੋਂ ਨੇੜੇ ਦੁੱਧ ਟੈਸਟ ਕਰਨ ਵਾਲੀ ਕੋਈ ਲੈਬ ਨਹੀਂ ਹੈ। ਘੱਟੋ ਘੱਟ ਬਲਾਕ ਪੱਧਰ ’ਤੇ ਦੁੱਧ ਚੈੱਕ ਕਰਨ ਵਾਲੀਆਂ ਲੈਬਾਂ ਹੋਣੀਆਂ ਚਾਹੀਦੀਆਂ ਹਨ। ਦਲਜਿੰਦਰ ਸਿੰਘ ਨੇ ਕਿਹਾ ਕਿ ਵੇਰਕਾ ਵਲੋਂ ਸਮੇਂ ਸਮੇਂ ਸਿਰ ਉਨ੍ਹਾਂ ਦੇ ਫਾਰਮ ਤੋਂ ਦੁੱਧ ਦੀ ਕੁਆਲਟੀ ਚੈੱਕ ਕੀਤੀ ਜਾਂਦੀ ਹੈ ਤਾਂਕਿ ਦੁੱਧ ’ਚ ਕੋਈ ਘਾਟ ਨਾ ਹੋਵੇ। ਜਦੋਂ ਦਲਜਿੰਦਰ ਸਿੰਘ ਨੂੰ ਮੱਕੀ ਦੇ ਆਚਾਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੱਕੀ ਦੇ ਆਚਾਰ ਤੋਂ ਬਿਨਾਂ ਡੇਅਰੀ ਫਾਰਮ ਕਾਮਯਾਬ ਨਹੀਂ ਹੈ।
ਮੱਕੀ ਦਾ ਆਚਾਰ ਡੇਅਰੀ ਫਾਰਮ ਲਈ ਬਹੁਤ ਜ਼ਰੂਰੀ ਹੈ। ਹਰੇ ਚਾਰੇ ਅਤੇ ਆਚਾਰ ਨਾਲ ਪਸ਼ੂ ਤੰਦਰੁਸਤ ਰਹਿੰਦੇ ਹਨ ਤੇ ਗੱਭਣ ਵੀ ਛੇਤੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਨਵੀਆਂ ਤਕਨੀਕਾਂ ਨੇ ਗਾਵਾਂ ਦੇ ਫ਼ਾਰਮਾਂ ’ਚ ਵੱਡੇ ਪੱਧਰ ’ਤੇ ਪੈਦਾ ਹੋਣ ਵਾਲੇ ਵੱਛਿਆਂ ਦੀ ਸਮੱਸਿਆ ਦਾ ਵੀ ਹੱਲ ਕੀਤਾ ਹੈ। ਹੁਣ ਇਕੱਲੀਆਂ ਵੱਛੀਆਂ ਵਾਲਾ ਟੀਕਾ ਵੀ ਆ ਰਿਹਾ ਹੈ ਜਿਸ ਕਰ ਕੇ ਫਾਰਮਾਂ ’ਚ ਦੁਧਾਰੂ ਪਸੂਆਂ ਦੀ ਗਿਣਤੀ ਜਲਦੀ ਵਧਦੀ ਹੈ। ਬੈਂਕਾਂ ਜਾਂ ਸਰਕਾਰੀ ਅਦਾਰਿਆਂ ਵਲੋਂ ਵੱਡੇ ਕਰਜ਼ ਦੇਣ ਲਈ ਜ਼ਮੀਨ ਮੰਗੀ ਜਾਂਦੀ ਹੈ। ਜਿਸ ਕਰ ਕੇ ਛੋਟਾ ਫਾਰਮਰ ਵੱਡੀ ਪੱਧਰ ’ਤੇ ਫ਼ਾਰਮ ਨਹੀਂ ਚਲਾ ਸਕਦਾ।
ਕਿਉਂਕਿ 100 ਗਾਵਾਂ ਦੇ ਫ਼ਾਰਮ ਲਈ ਤਿੰਨ ਚਾਰ ਕਰੋੜ ਰੁਪਏ ਦੀ ਲਾਗਤ ਚਾਹੀਦੀ ਹੈ। ਆਮ ਕਿਸਾਨ ਕਰੋੜਾਂ ਰੁਪਏ ਅਪਣੇ ਕੋਲੋਂ ਨਹੀਂ ਖ਼ਰਚ ਸਕਦਾ ਅਤੇ ਬੈਂਕ ਕਰਜ਼ ਬਦਲੇ ਜ਼ਮੀਨ ਦੀ ਰਜਿਸਟਰੀ ਆਦਿ ਮੰਗਦੇ ਹਨ, ਜਿਸ ਕਰ ਕੇ ਪੰਜਾਬ ’ਚ ਡੇਅਰੀ ਫਾਰਮ ਦਾ ਧੰਦਾ ਪੂਰੀ ਤਰ੍ਹਾਂ ਨਹੀਂ ਚੱਲ ਸਕਿਆ ਅਤੇ ਦੁੱਧ ਦੀ ਜ਼ਰੂਰਤ ਵੀ ਪੂਰੀ ਨਹੀ ਹੋ ਰਹੀ। ਪੰਜਾਬ ਸਰਕਾਰ ਨੂੰ ਡੇਅਰੀ ਧੰਦੇ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ।
-ਬ੍ਰਿਸ ਭਾਨ ਬੁਜਰਕ (ਮੋ. 9876101698)
