ਜੈਵਿਕ ਖਾਦ ਤੇ ਮੀਂਹ ਦੇ ਪਾਣੀ ਨੂੰ ਦਿੰਦਾ ਹੈ ਤਰਜੀਹ, 25 ਦੁਧਾਰੂ ਪਸ਼ੂਆਂ ਲਈ ਘਰ ਵਿਚ ਬਣਦੀ ਹੈ ਪੌਸ਼ਟਿਕ ਖ਼ੁਰਾਕ
ਐਸ.ਏ.ਐਸ. ਨਗਰ (ਸਤਵਿੰਦਰ ਸਿੰਘ ਧੜਾਕ) : ਮੋਹਾਲੀ ਦੇ ਪਿੰਡ ਰਤਵਾੜਾ ਦਾ 43 ਸਾਲਾ ਕਿਸਾਨ ਅਮਨਦੀਪ ਸਿੰਘ ਅੱਜਕਲ ਉਤਮ ਖੇਤੀ ਦੀ ਮਿਸਾਲ ਦੇ ਰਿਹਾ ਹੈ। ਉਸ ਦਾ ਮੰਨਣਾ ਹੈ ਕਿ ਖੇਤੀ ਲਾਹੇਵੰਦ ਤਾਂ ਹੀ ਹੋ ਸਕਦੀ ਹੈ ਜੇ ਢੰਗ ਲਾਹੇਵੰਦ ਹੋਣ ਤੇ ਇਹ ਤਾਂ ਹੀ ਹੋ ਸਕਦਾ ਹੈ ਜੇ ਖੇਤੀ ਕੁਦਰਤ ਨਾਲ ਤਾਲਮੇਲ ਬਣਾ ਕੇ ਵੀ ਕੀਤੀ ਜਾਵੇ। ਸਿਰਫ਼ ਸੱਤ ਏਕੜ ਜ਼ਮੀਨ ’ਤੇ ਉਸ ਨੇ ਖੇਤੀ, ਪਸ਼ੂ ਪਾਲਣ ਅਤੇ ਵਾਤਾਵਰਣ ਸੰਭਾਲ ਨੂੰ ਇਸ ਤਰ੍ਹਾਂ ਜੋੜਿਆ ਹੈ ਕਿ ਉਸ ਦਾ ਫ਼ਾਰਮ ਇਕ ਜੀਵੰਤ ਕੁਦਰਤੀ ਚੱਕਰ ਦੀ ਮਿਸਾਲ ਬਣ ਗਿਆ ਹੈ।
ਖੇਤੀ ਅਤੇ ਪਸ਼ੂ ਪਾਲਣ ਦਾ ਸਾਰਾ ਕੰਮ ਉਸ ਦਾ ਪ੍ਰਵਾਰ ਆਪਸੀ ਸਹਿਯੋਗ ਨਾਲ ਕਰਦਾ ਹੈ। ਉਸ ਕੋਲ 25 ਦੁਧਾਰੂ ਪਸ਼ੂ, ਜਿਨ੍ਹਾਂ ਵਿਚ 19 ਮੱਝਾਂ ਅਤੇ 6 ਗਾਵਾਂ ਸ਼ਾਮਲ ਹਨ। ਪਸ਼ੂਆਂ ਲਈ ਉਹ ਬਾਜ਼ਾਰ ਦੀ ਤਿਆਰ ਫ਼ੀਡ ’ਤੇ ਨਿਰਭਰ ਨਹੀਂ, ਸਗੋਂ ਖ਼ੁਦ ਵਿਸ਼ੇਸ਼ ਦਲੀਆ ਤਿਆਰ ਕਰਦਾ ਹੈ। ਇਸ ਵਿਚ ਮੱਕੀ, ਕਣਕ, ਸਰ੍ਹੋਂ ਦੀ ਖਲ, ਤਾਰਾਮੀਰਾ, ਮੇਥੀ, ਅਜਵਾਇਣ, ਸੋਇਆਬੀਨ, ਮੂੰਗੀ, ਮਸਰ, ਰਾਜਮਾਂਹ ਅਤੇ ਛੋਲਿਆਂ ਦੀਆਂ ਦਾਲਾਂ ਸ਼ਾਮਲ ਹੁੰਦੀਆਂ ਹਨ।
ਗਰਮੀਆਂ ਵਿਚ ਜੌਂ ਵੀ ਮਿਲਾਏ ਜਾਂਦੇ ਹਨ, ਜਦਕਿ ਸਰਦੀਆਂ ਵਿਚ ਗੰਨਾ ਅਤੇ ਗੁੜ ਖੁਲ੍ਹੇ ਦਿਲ ਨਾਲ ਖਵਾਇਆ ਜਾਂਦਾ ਹੈ। ਅਮਨਦੀਪ ਨੇ ਹੱਸਦਿਆਂ ਕਿਹਾ ਕਿ ਜਿਵੇਂ ਸਰਦੀਆਂ ਵਿਚ ਸਾਡਾ ਮਨ ਮਿੱਠਾ ਖਾਣ ਨੂੰ ਕਰਦਾ ਹੈ, ਉਸੇ ਤਰ੍ਹਾਂ ਸਾਡੇ ਪਸ਼ੂਆਂ ਦਾ ਵੀ ਕਰਦਾ ਹੈ। ਇਸ ਲਈ ਕਦੇ ਦਲੀਆ, ਨਮਕੀਨ ਤੇ ਕਦੇ ਮਿੱਠਾ ਬਣਾਇਆ ਜਾਂਦਾ ਹੈ ਤਾਂ ਜੋ ਪਸ਼ੂਆਂ ਦਾ ਸਵਾਦ ਵੀ ਬਦਲਦਾ ਰਹੇ।
ਉਸ ਦਾ ਮੰਨਣਾ ਹੈ ਕਿ ਦੇਸੀ ਅਤੇ ਸੰਤੁਲਿਤ ਖ਼ੁਰਾਕ ਨਾਲ ਪਸ਼ੂ ਤੰਦਰੁਸਤ ਰਹਿੰਦੇ ਹਨ, ਘੱਟ ਬਿਮਾਰ ਪੈਂਦੇ ਹਨ ਅਤੇ ਦੁੱਧ ਵਿਚ ਫੈਟ ਵੀ ਵਧੀਆ ਆਉਂਦੀ ਹੈ। ਸੰਤੁਲਿਤ ਚਰਬੀ ਵਾਲੀ ਖ਼ੁਰਾਕ ਦਾ ਵਾਧੂ ਹਿੱਸਾ ਗੋਹੇ ਰਾਹੀਂ ਬਾਹਰ ਨਿਕਲ ਜਾਂਦਾ ਹੈ। ਇਹੀ ਗੋਹਾ ਉਹ ਬਾਇਉ-ਕੰਪੋਸਟ ਵਿਚ ਬਦਲ ਕੇ ਖੇਤਾਂ ਵਿਚ ਪਾਉਂਦਾ ਹੈ, ਜਿਸ ਨਾਲ ਪੌਸ਼ਟਿਕ ਤੱਤ ਮੁੜ ਮਿੱਟੀ ਵਿਚ ਪਹੁੰਚਦੇ ਹਨ ਅਤੇ ਫ਼ਸਲਾਂ ਰਾਹੀਂ ਦੁਬਾਰਾ ਪਸ਼ੂਆਂ ਤੱਕ ਆ ਜਾਂਦੇ ਹਨ।
ਇਸ ਤਰ੍ਹਾਂ ਉਸ ਨੇ ਖੇਤੀ ਅਤੇ ਪਸ਼ੂ ਪਾਲਣ ਨੂੰ ਜੋੜਦਾ ਇਕ ਕੁਦਰਤੀ ਪੋਸ਼ਣ ਚੱਕਰ ਸਥਾਪਤ ਕੀਤਾ ਹੈ। ਅਮਨਦੀਪ ਸਿੰਘ ਪਰਾਲੀ ਨੂੰ ਕਦੇ ਅੱਗ ਨਹੀਂ ਲਗਾਉਂਦਾ। ਉਸ ਦਾ ਕਹਿਣਾ ਹੈ ਕਿ ਪਰਾਲੀ ਸਾੜਨ ਨਾਲ ਮਿੱਟੀ ਦੇ ਮਿੱਤਰ ਕੀੜੇ ਮਰ ਜਾਂਦੇ ਹਨ ਅਤੇ ਕੀਮਤੀ ਪੌਸ਼ਟਿਕ ਤੱਤ ਧੂੰਏਂ ਨਾਲ ਉਡ ਜਾਂਦੇ ਹਨ। ਪੰਜਾਬ ਵਿਚ ਮੁਫ਼ਤ ਬਿਜਲੀ ਮਿਲਣ ਦੇ ਬਾਵਜੂਦ ਉਹ ਬੱਦਲਵਾਈ ਵਾਲੇ ਦਿਨਾਂ ਵਿਚ ਟਿਊਬਵੈੱਲ ਨਹੀਂ ਚਲਾਉਂਦਾ।
ਇਸ ਵਾਰ ਝੋਨੇ ਦੀ ਫ਼ਸਲ ਲਈ ਵੀ ਉਸ ਨੇ ਭੂਜਲ ਦੀ ਘੱਟ ਵਰਤੋਂ ਕਰਦਿਆਂ ਕੁਦਰਤੀ ਮੀਂਹ ’ਤੇ ਵੱਧ ਨਿਰਭਰਤਾ ਰੱਖੀ। ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵਲੋਂ ਤਿਆਰ ਵਾਤਾਵਰਣ ਅਤੇ ਜਲਵਾਯੂ ਤਬਦੀਲੀ ਸ਼ਬਦਕੋਸ਼ ਅਨੁਸਾਰ ਅਜਿਹੇ ਉਪਾਵਾਂ ਨੂੰ ‘ਨੇਚਰ ਬੇਸਡ ਸੌਲਿਊਸ਼ਨਜ਼’ (ਕੁਦਰਤ ਅਧਾਰਤ ਹੱਲ) ਕਿਹਾ ਜਾਂਦਾ ਹੈ। ਵਾਤਾਵਰਣ ਪ੍ਰਤੀ ਉਸ ਦੀ ਸੋਚ ਖੇਤਾਂ ਤਕ ਹੀ ਸੀਮਤ ਨਹੀਂ।
ਉਸ ਨੇ ਪ੍ਰਦੂਸ਼ਣ ਘਟਾਉਣ ਲਈ ਬੈਟਰੀ ਨਾਲ ਚੱਲਣ ਵਾਲਾ ਸਕੂਟਰ ਅਤੇ ਕਾਰ ਖ਼ਰੀਦੀ ਹੈ। ਘਰ ਦੀ ਲੋੜ ਦੀਆਂ ਸਬਜ਼ੀਆਂ ਵੀ ਉਹ ਬਿਨਾਂ ਬੇਲੋੜੇ ਰਸਾਇਣਾਂ ਦੇ ਅਪਣੇ ਖੇਤ ਵਿਚ ਹੀ ਉਗਾਉਂਦਾ ਹੈ। ਪਿਛਲੇ ਦੋ ਸਾਲਾਂ ਦੌਰਾਨ ਉਸ ਨੇ ਅੰਬ, ਅੰਜੀਰ, ਆਲੂ ਬੁਖਾਰਾ, ਲੀਚੀ, ਨਾਸ਼ਪਾਤੀ ਅਤੇ ਸੇਬ ਦੇ ਪੌਦੇ ਵੀ ਲਗਾਏ ਹਨ, ਜਿਸ ਨਾਲ ਉਸ ਦਾ ਫ਼ਾਰਮ ਇਕ ਛੋਟੇ ਬਾਗ਼ ਦਾ ਰੂਪ ਧਾਰ ਰਿਹਾ ਹੈ।
ਨਗਦੀ ਫ਼ਸਲਾਂ ਵਿਚ ਉਹ ਪਿਛਲੇ 20 ਸਾਲਾਂ ਤੋਂ ਬਾਸਮਤੀ ਦੀ ਕਾਸ਼ਤ ਕਰ ਰਿਹਾ ਹੈ। ਇਸ ਤੋਂ ਇਲਾਵਾ ਆਲੂ, ਸਾਗ, ਪਾਲਕ ਅਤੇ ਮੇਥੇ ਦਾ ਮੰਡੀਕਰਨ ਕਰਦਾ ਹੈ, ਜਦਕਿ ਮੱਕੀ ਅਤੇ ਕਣਕ ਅਪਣੇ ਪ੍ਰਵਾਰ ਅਤੇ ਪਸ਼ੂਆਂ ਦੀ ਵਰਤੋਂ ਲਈ ਰਖਦਾ ਹੈ। ਉਹ ਅਪਣੇ ਗਾਹਕਾਂ ਦੇ ਘਰ ਖ਼ੁਦ ਦੁੱਧ ਪਹੁੰਚਾਉਂਦਾ ਹੈ ਅਤੇ ਉਸ ਦੇ ਦਸਣ ਅਨੁਸਾਰ ਕੱੁਝ ਗਾਹਕ ਪਿਛਲੇ 25 ਸਾਲਾਂ ਤੋਂ ਲਗਾਤਾਰ ਉਸੇ ਤੋਂ ਦੁੱਧ ਲੈ ਰਹੇ ਹਨ। ਇਹ ਲੰਬਾ ਰਿਸ਼ਤਾ ਉਸ ਦੇ ਦੁੱਧ ਦੀ ਗੁਣਵੱਤਾ ਅਤੇ ਭਰੋਸੇ ਦੀ ਸੱਭ ਤੋਂ ਵੱਡੀ ਪਛਾਣ ਹੈ।
