ਭਵਿੱਖ 'ਚ ਰਕਬਾ ਵਧਾਉਣ ਦਾ ਟੀਚਾ ਰਖਿਆ : ਕਿਸਾਨ
ਚੰਡੀਗੜ੍ਹ (ਚਰਨਜੀਤ ਸਿੰਘ ਸੁਰਖ਼ਾਬ): ਚਮਕੌਰ ਸਾਹਿਬ ਦੇ ਨਜ਼ਦੀਕੀ ਪਿੰਡ ਰੱਤੋ ਦੇ ਕਿਸਾਨ ਭਰਾਵਾਂ ਵਲੋਂ ਕੇਲਿਆਂ ਦੀ ਖੇਤੀ ਕਰ ਅਨੋਖੀ ਮਿਸਾਲ ਪੇਸ਼ ਕੀਤੀ ਗਈ ਹੈ। ਕਿਸਾਨ ਭਰਾ ਬਲਬੀਰ ਸਿੰਘ ਅਤੇ ਨਰਿੰਦਰ ਸਿੰਘ ਪਿਛਲੇ 9 ਸਾਲਾਂ ਤੋਂ ਕੇਲਿਆਂ ਦੀ ਖੇਤੀ ਕਰ ਰਹੇ ਹਨ ਤੇ ਹਰ ਸਾਲ ਬੰਪਰ ਫ਼ਸਲ ਪੈਦਾ ਕਰਦੇ ਹਨ। ਰੋਜ਼ਾਨਾ ਸਪੋਕਸਮੈਨ ਟੀਵੀ ਨਾਲ ਗੱਲਬਾਤ ਕਰਦੇ ਹੋਏ ਬਲਬੀਰ ਸਿੰਘ ਨੇ ਦਸਿਆ ਕਿ ਸ਼ੁਰੂ ਤੋਂ ਹੀ ਕੁੱਝ ਵਖਰਾ ਕਰਨ ਦੀ ਇੱਛਾ ਸੀ ਅਤੇ ਰਿਵਾਇਤੀ ਕਣਕ, ਝੋਨੇ ਦੀ ਖੇਤੀ ਦੇ ਨਾਲ-ਨਾਲ 2017 ਤੋਂ ਕੇਲਿਆਂ ਦੀ ਕਾਸ਼ਤ ਸ਼ੁਰੂ ਕੀਤੀ।
ਕਿਸਾਨ ਮੁਤਾਬਕ 2 ਏਕੜ ’ਚ ਕੇਲਿਆਂ ਦੀ ਕਾਸ਼ਤ ਕਰ ਰਹੇ ਹਨ ਅਤੇ ਭਵਿੱਖ ’ਚ ਰਕਬਾ ਵਧਾਉਣ ਦਾ ਟੀਚਾ ਰੱਖਿਆ ਹੈ। ਕਿਸਾਨ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਕ ਕਿਲੇ ’ਚ ਤਕਰੀਬਨ 1100 ਬੂਟਾ ਲੱਗ ਜਾਂਦਾ ਹੈ ਤੇ ਆਲੂਆਂ ਦੀ ਕਾਸ਼ਤ ਤਰ੍ਹਾਂ ਬੈੱਡ ਤਿਆਰ ਕਰ ਕੇ ਛੇ ਫੁੱਟ ਦੀ ਦੂਰੀ ’ਤੇ ਬੂਟਾ ਲਾਇਆ ਜਾਂਦਾ ਹੈ। ਬੂਟਾ ਲਗਾਉਣ ਦਾ ਸਹੀ ਸਮਾਂ 25 ਜੂਨ ਤੋਂ ਲੈ ਕੇ 15 ਜੁਲਾਈ ਤਕ ਦਾ ਹੁੰਦਾ ਹੈ। ਨਰਿੰਦਰ ਸਿੰਘ ਨੇ ਦਸਿਆ ਕਿ ਪੰਜਾਬ ਦੇ ਮੌਸਮ ਮੁਤਾਬਕ ਕੇਲਿਆਂ ਦੀ ਜੀ9 ਕਿਸਮ ਸਹੀ ਫਲ ਦਿੰਦੀ ਹੈ।
ਹਾਲਾਂਕਿ ਟਿਸ਼ੂ ਕਲਚਰ ਨਾਲ ਜੁੜੀ ਖੇਤੀ ਹੋਣ ਕਰ ਕੇ ਬੂਟਾ ਲਗਾਉਣ ਤੋਂ ਲੈ ਕੇ ਪਹਿਲੀ ਸਰਦੀ ਤਕ ਬਹੁਤ ਸਾਂਭ-ਸੰਭਾਲ ਦੀ ਲੋੜ ਪੈਂਦੀ ਹੈ। ਕਿਸਾਨ ਮੁਤਾਬਕ 15 ਮਹੀਨਿਆਂ ਬਾਅਦ ਪਹਿਲਾ ਫ਼ਲ ਮਿਲਦਾ ਹੈ ਤੇ ਉਸ ਤੋਂ ਬਾਅਦ ਹਰ ਸਾਲ ਕੇਲੇ ਦਾ ਭਰਪੂਰ ਉਤਪਾਦਨ ਹੁੰਦਾ ਹੈ। ਕਿਸਾਨ ਬਲਬੀਰ ਸਿੰਘ ਮੁਤਾਬਕ ਇਕ ਬੂਟੇ ਤੋਂ 35 ਕਿਲੋ ਤਕ ਦਾ ਉਤਪਾਦਨ ਲਿਆ ਜਾ ਰਿਹਾ ਹੈ।
ਸਤੰਬਰ ਤੋਂ ਨਵੰਬਰ ਮਹੀਨੇ ਤਕ ਬੂਟਾ ਫਲ ਦਿੰਦਾ ਹੈ ਤੇ ਸਹੀ ਦੇਖਭਾਲ ਨਾਲ ਇਕ ਬੂਟੇ ਤੋਂ 3-4 ਫਲ ਲਿਆ ਜਾ ਸਕਦਾ ਹੈ। ਹਾਲਾਂਕਿ ਕਿ ਲੰਬੇ ਸਮੇਂ ਦੀ ਖੇਤੀ ਹੋਣ ਕਰ ਕੇ ਉਹ ਨਾਲ-ਨਾਲ ਗੋਭੀ ਤੇ ਹੋਰਨਾਂ ਫ਼ਸਲਾਂ ਦੀ ਕਾਸ਼ਤ ਕਰ ਕੇ ਅਪਣੇ ਖ਼ਰਚੇ ਦਾ ਸੰਤੁਲਨ ਬਣਾਉਂਦੇ ਹਨ। ਇਸ ਨਾਲ ਹੀ ਕਿਸਾਨ ਭਰਾਵਾਂ ਨੇ ਦਸਿਆ ਕਿ ਸ਼ੁਰੂਆਤੀ ਦੌਰ ’ਚ ਕੇਲੇ ਦਾ ਭਾਅ ਔਸਤਨ 22 ਰੁਪਏ ਪ੍ਰਤੀ ਕਿਲੋਗ੍ਰਾਮ ਮਿਲਦਾ ਸੀ, ਪਰ ਮੌਜੂਦਾ ਸਮੇਂ ’ਚ ਉੱਤਰ ਪ੍ਰਦੇਸ਼ ਤੋਂ ਆਉਣ ਵਾਲੇ ਕੇਲੇ ਕਰ ਕੇ ਭਾਅ ’ਚ ਕਮੀ ਆਈ ਹੈ।
ਲੁਧਿਆਣਾ ਸਮੇਤ ਹੋਰਨਾਂ ਨੇੜਲੀਆਂ ਮੰਡੀਆਂ ’ਚ ਕੇਲਾ ਵੇਚਣ ਬਾਰੇ ਕਿਸਾਨਾਂ ਦਾ ਕਹਿਣਾ ਹੈ ਕਿ ਮਾਰਕੀਟਿੰਗ ’ਚ ਕਦੇ ਕੋਈ ਸਮੱਸਿਆ ਨਹੀਂ ਆਈ। ਅਪਣੀ ਸਾਲਾਨਾ ਆਮਦਨ ਬਾਰੇ ਦਸਦੇ ਹੋਏ ਕਿਸਾਨ ਭਰਾਵਾਂ ਦਾ ਕਹਿਣਾ ਸੀ ਕਿ ਇਕ ਕਿਲੇ ’ਤੇ ਅੰਦਾਜ਼ਨ 65000 ਰੁਪਏ ਦਾ ਖ਼ਰਚ ਆਉਂਦਾ ਹੈ ਅਤੇ ਸਾਰੇ ਖ਼ਰਚ ਕੱਢ ਕੇ 3 ਲੱਖ ਤੋਂ ਵੱਧ ਦੀ ਬੱਚਤ ਹੁੰਦੀ ਹੈ। ਇਸ ਨਾਲ ਹੀ ਵੱਖ-ਵੱਖ ਕਿਸਮ ਦੇ ਫੁੱਲਾਂ ਦੀ ਖੇਤੀ ਦੇ ਨਾਲ ਸਬਜ਼ੀਆਂ ਦੀ ਕਾਸ਼ਤ ਵੀ ਕਰਦੇ ਹਨ।
