ਮ੍ਰਿਤਕ ਦੀ ਪਛਾਣ ਹਰਪਾਲ ਸਿੰਘ ਪੁੱਤਰ ਦੀਦਾਰ ਸਿੰਘ ਵਜੋਂ ਹੋਈ
ਅਜਨਾਲਾ/ਰਾਜਾ ਸਾਂਸੀ (ਦਵਿੰਦਰ ਕੁਮਾਰ ਪੁਰੀ) : ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਕੋਟਲੀ ਖਹਿਰਾ ਵਿਖੇ ਜ਼ਮੀਨੀ ਵਿਵਾਦ ਨੇ ਉਸ ਸਮੇਂ ਖ਼ੂਨੀ ਰੂਪ ਧਾਰ ਲਿਆ, ਜਦੋਂ ਇਕ ਨੌਜਵਾਨ ਦਾ ਟਰੈਕਟਰ ਅਤੇ ਸੁਪਰਸੀਡਰ ਹੇਠਾਂ ਦਰੜ ਕੇ ਕਤਲ ਕਰ ਦਿਤਾ ਗਿਆ। ਮ੍ਰਿਤਕ ਦੀ ਪਛਾਣ ਹਰਪਾਲ ਸਿੰਘ ਪੁੱਤਰ ਦੀਦਾਰ ਸਿੰਘ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਪਿੰਡ ਵਿਚ ਸੋਗ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ।
ਡੀਐੱਸਪੀ ਰਾਜਾਸਾਂਸੀ ਜਗਬੀਰ ਸਿੰਘ ਔਲਖ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿਤੀ ਹੈ। ਪਿੰਡ ਕੋਟਲੀ ਖਹਿਰਾ ਦੇ ਵਸਨੀਕ ਹਰਜੀਤ ਸਿੰਘ ਨੇ ਦਸਿਆ ਕਿ ਹਰਪਾਲ ਸਿੰਘ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਤੇ ਉਹ ਇਕੱਲਾ ਰਹਿੰਦਾ ਸੀ। ਉਨ੍ਹਾਂ ਅਨੁਸਾਰ ਪਿੰਡ ਦੇ ਹੀ ਕੁਝ ਵਿਅਕਤੀਆਂ ਦੀ ਨਜ਼ਰ ਹਰਪਾਲ ਸਿੰਘ ਦੀ ਜ਼ਮੀਨ ’ਤੇ ਸੀ ਅਤੇ ਇਸ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਵਿਵਾਦ ਚੱਲ ਰਿਹਾ ਸੀ।
ਹਰਜੀਤ ਸਿੰਘ ਨੇ ਦਸਿਆ ਕਿ ਜ਼ਮੀਨੀ ਵਿਵਾਦ ਸਬੰਧੀ ਘਟਨਾ ਵਾਲੇ ਦਿਨ ਥਾਣੇ ਵਿਚ ਦੋਵਾਂ ਧਿਰਾਂ ਵਿਚਾਲੇ ਬੈਠ ਕੇ ਸਮਝੌਤਾ ਵੀ ਹੋਇਆ ਸੀ। ਇਸ ਦੇ ਬਾਵਜੂਦ, ਦੂਜੀ ਧਿਰ ਦੇ ਕੁਝ ਵਿਅਕਤੀਆਂ, ਜਿਨ੍ਹਾਂ ਵਿਚ ਮਹਿੰਗਾ ਸਿੰਘ, ਕਸ਼ਮੀਰ ਸਿੰਘ ਅਤੇ ਹੋਰ ਸ਼ਾਮਲ ਸਨ, ਨੇ ਕਥਿਤ ਤੌਰ ’ਤੇ ਹਰਪਾਲ ਸਿੰਘ ਦੀ ਜ਼ਮੀਨ ਵਾਹੁਣੀ ਸ਼ੁਰੂ ਕਰ ਦਿਤੀ। ਜਦੋਂ ਹਰਪਾਲ ਸਿੰਘ ਨੇ ਇਸ ਦਾ ਵਿਰੋਧ ਕੀਤਾ ਤਾਂ ਕਥਿਤ ਤੌਰ ’ਤੇ ਉਸ ਉਪਰ ਟਰੈਕਟਰ ਅਤੇ ਸੁਪਰਸੀਡਰ ਚੜ੍ਹਾ ਦਿਤਾ ਗਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਹੋ ਗਈ। ਪੁਲਿਸ ਵਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
