'ਦੌਰਾ ਪੈਣ ਕਾਰਨ ਪਹਿਲਾਂ ਵਾਂਗ ਗਿਟਾਰ ਅਤੇ ਬੰਸਰੀ ਨਹੀਂ ਵਜਾ ਸਕਦਾ'
ਨਵੀਂ ਦਿੱਲੀ: ‘ਹੰਮਾ ਹੰਮਾ’ ਵਰਗੇ ਚਰਚਿਤ ਗੀਤਾਂ ਨਾਲ ਮਸ਼ਹੂਰ ਹੋਏ ਉੱਘੇ ਸੰਗੀਤਕਾਰ ਅਤੇ ਗਾਇਕ ਰੇਮੋ ਫਰਨਾਂਡਿਸ ਨੇ ਲੰਡਨ ’ਚ ਇਕ ਕੰਸਰਟ ਦੌਰਾਨ ਲਾਈਵ ਪਰਫਾਰਮੈਂਸ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿਤਾ ਹੈ। 70 ਸਾਲ ਦੇ ਗਾਇਕ ਨੇ ਦਸਿਆ ਕਿ ਹਲਕੇ ਦੌਰੇ ਅਤੇ ਵਰਟਿਗੋ (ਚੱਕਰ ਆਉਣ ਦੀ ਬੀਮਾਰੀ) ਕਾਰਨ ਉਹ ਹੁਣ ਪਹਿਲਾਂ ਵਾਂਗ ਗਿਟਾਰ ਅਤੇ ਬੰਸਰੀ ਨਹੀਂ ਵਜਾ ਸਕਦੇ।
ਲੰਡਨ ਦੇ ਕ੍ਰਾਨਫੋਰਡ ਕਮਿਊਨਿਟੀ ਕਾਲਜ ’ਚ ਯੂ.ਕੇ.-ਗੋਅਨ ਫੈਸਟੀਵਲ ਦੌਰਾਨ ਕੁਰਸੀ ਉਤੇ ਬੈਠ ਕੇ ਪ੍ਰਦਰਸ਼ਨ ਕਰਦੇ ਹੋਏ ਫਰਨਾਂਡਿਸ ਨੇ ਭਾਵੁਕ ਹੁੰਦਿਆਂ ਕਿਹਾ, ‘‘ਬੈਠ ਕੇ ਗਾਉਣਾ ਮੇਰਾ ਅੰਦਾਜ਼ ਨਹੀਂ ਹੈ, ਇਸੇ ਲਈ ਮੈਂ ਲਾਈਵ ਪੇਸ਼ਕਾਰੀਆਂ ਨੂੰ ਵਿਦਾਈ ਦੇਣ ਦਾ ਫ਼ੈਸਲਾ ਕੀਤਾ ਹੈ।
ਕੋਵਿਡ ਵੈਕਸੀਨ ਦੀ ਤੀਜੀ ਡੋਜ਼ ਤੋਂ ਬਾਅਦ ਮੈਨੂੰ ਦੌਰਾ ਪਿਆ ਸੀ, ਜਿਸ ਨਾਲ ਮੇਰੀਆਂ ਉਂਗਲਾਂ ਦੀ ਹਰਕਤ ਪ੍ਰਭਾਵਤ ਹੋਈ ਸੀ ਅਤੇ ਪਿਛਲੇ ਸਾਲ ਡਿੱਗਣ ਕਾਰਨ ਮੇਰੀ ਸਿਰ ਦੀ ਸਰਜਰੀ ਵੀ ਹੋਈ ਸੀ।’’ ਉਨ੍ਹਾਂ ਨੇ ਦਸਿਆ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਖੜ੍ਹੇ ਹੋ ਕੇ ਪੇਸ਼ਕਾਰੀ ਦੇਣ ਤੋਂ ਮਨ੍ਹਾ ਕੀਤਾ ਹੈ। ਉਹ ਯੂ.ਕੇ. ਵਿਚ ਰਹਿਣ ਵਾਲੇ ਗੋਆ ਦੇ ਲੋਕਾਂ ਦੇ ਸਾਹਮਣੇ ਅਪਣਾ ਆਖਰੀ ਸ਼ੋਅ ਕਰਨ ਦੀ ਇੱਛਾ ਪੂਰੀ ਕਰਨ ਲਈ ਇੱਥੇ ਆਏ ਸਨ। ਇਸ ਐਲਾਨ ਨਾਲ ਉਨ੍ਹਾਂ ਦੇ ਚਾਹੁਣ ਵਾਲਿਆਂ ’ਚ ਨਿਰਾਸ਼ਾ ਦੀ ਲਹਿਰ ਦੌੜ ਗਈ।
